‘Lohri Dheeyan Di’ Celebrated at Multani Mal Modi College, Patiala
ਪਟਿਆਲਾ: 13 ਜਨਵਰੀ, 2024

ਮੋਦੀ ਕਾਲਜ ਵਿਖੇ ਮਨਾਈ ਗਈ ‘ਲੋਹੜੀ ਧੀਆਂ ਦੀ’

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਦੀ ਸੁਯੋਗ ਅਗਵਾਹੀ ਅਧੀਨ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਮਾਜਿਕ ਸਾਂਝ ਵਧਾਉਣ ਲਈ ਲੋਹੜੀ ਵਰਗੇ ਸਾਂਝ ਦੇ ਪ੍ਰਤੀਕ ਤਿਉਹਾਰਾਂ ਨੂੰ ਮਨਾਉਣ ਅਲਤਮੇਨੂ ਅਤੇ ਉਨ੍ਹਾਂ ਦੇ ਸਮਾਜਿਕ, ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਤੋਂ ਜਾਣੂੰ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਧੀਆਂ ਪ੍ਰਤੀ ਸੋਚ ਨੂੰ ਬਦਲ ਕੇ ਬਰਾਬਰੀ ਦੇ ਸਮਾਜ ਨੂੰ ਸਿਰਜਨ ਲਈ ਨਿੱਜੀ ਅਤੇ ਸਮੂਹਕ ਪੱਧਰ ‘ਤੇ ਸਾਰਥਕ ਉਪਰਾਲੇ ਕਰਨ ਲਈ ਵੀ ਸੱਦਾ ਦਿੱਤਾ।
ਕਾਲਜ ਦੇ ਸਹਿ-ਪਾਠਾਂਤਰ ਗਤੀਵਿਧੀਆਂ ਦੇ ਡੀਨ ਅਤੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮਿਸਿਜ਼ ਨੀਨਾ ਸਰੀਨ ਨੇ ਲੋਹੜੀ ਤਿਉਹਾਰ ਦੇ ਇਤਿਹਾਸਕ ਪਰਿਪੇਖ ਤੋਂ ਜਾਣੂੰ ਕਰਵਾਉਂਦੇ ਹੋਏ ਪੰਜਾਬ, ਪੰਜਾਬੀਅਤ ਅਤੇ ਸਭਿਆਚਾਰਕ ਰੀਤਾਂ-ਰਸਮਾਂ ਦੀ ਆਪਸੀ ਅਨਿੱਖੜਵੀਂ ਸਾਂਝ ‘ਤੇ ਰੌਸ਼ਨੀ ਪਾਈ। ਉਨ੍ਹਾਂ ਸਮਾਜਿਕ ਸੋਚ ਵਿੱਚ ਅਗਾਹਵਧੂ ਨਜ਼ਰੀਆ ਅਪਣਾਉਂਦੇ ਹੋਏ ਧੀਆਂ ਨੂੰ ਪੜ੍ਹਨ-ਲਿਖਣ ਅਤੇ ਹਰੇਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਲਈ ਵੱਧ ਤੋਂ ਵੱਧ ਮੌਕੇ ਸਿਰਜਣ ਲਈ ਅਪੀਲ ਵੀ ਕੀਤੀ।
ਪ੍ਰੋਗਰਾਮ ਦਾ ਆਗਾਜ਼ ਵਿਦਿਆਰਥੀਆਂ ਦੁਆਰਾ ਗਾਏ ਗੀਤਾਂ ਨਾਲ ਕੀਤਾ ਗਿਆ। ਇਸ ਉਪਰੰਤ ਵਿਭਿੰਨ ਸੰਗੀਤਕ-ਰੰਗਾਂ ਵਜੋਂ ਟੱਪੇ, ਛੱਲਾ, ਸੂਫ਼ੀਆਨਾ ਕਲਾਮ, ਗਜ਼ਲ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਕੀਤੀਆਂ ਗਈਆਂ।
ਇਸ ਮੋਕੇ ਵੱਖ-ਵੱਖ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੱਖੋ-ਵੱਖਰੀਆਂ ਸੰਗੀਤਕ ਅਤੇ ਕਲਾ ਵੰਨਗੀਆਂ ਜ਼ਰੀਏ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ।
ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਸਟਾਫ਼ ਦੇ ਜੀਵਨ ਵਿੱਚ ਆਈ ਨਿਜੀ ਖੁਸ਼ੀ ਨੂੰ ਸਮੂਹਿਕ ਖੁਸ਼ੀ ਬਣਾਉਂਦੇ ਹੋਏ ਉਨ੍ਹਾਂ ਨੂੰ ਤੋਹਫ਼ੇ ਭੇਂਟ ਕੀਤੇ ਗਏ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਦਵਿੰਦਰ ਸਿੰਘ ਨੇ ਕੀਤਾ।

ਸਮਾਗਮ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪਸ ਵਿੱਚ ਰਿਊੜੀਆਂ, ਮੂੰਗਫਲੀਆਂ ਤੇ ਮਿਠਾਈਆਂ ਵੰਡੀਆਂ ਅਤੇ ਇੱਕ-ਦੂਜੇ ਨੂੰ ਇਸ ਪਵਿੱਤਰ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਸੁਹਾਵਣੇ ਜੀਵਨ ਦੀ ਕਾਮਨਾ ਕੀਤੀ।